ਭਾਈ ਵੀਰ ਸਿੰਘ ਚੇਅਰ ਦੀ ਸਥਾਪਨਾ
ਭਾਈ ਵੀਰ ਸਿੰਘ ਚੇਅਰ ਦੀ ਸਥਾਪਨਾ 28/12/2013 ਨੂੰ ਹੋਈ। ਸਿੰਡੀਕੇਟ ਦੀ ਇਕੱਤਰਤਾ 18/03/2015 ਵਿਚ ਇਸਦੇ ਬਜਟ ਨੂੰ ਪ੍ਰਵਾਨਗੀ ਮਿਲੀ। ਯੁਗ ਪੁਰਖ ਭਾਈ ਵੀਰ ਸਿੰਘ ਅਜੇਹੀ ਅਜ਼ੀਮ ਸ਼ਖਸੀਅਤ, ਜਿਨ੍ਹਾਂ ਨੂੰ ਪੰਜਾਬ ਦੇ ਸਮੂਹਕ ਅਵਚੇਤਨ ਨੇ ਨਿਰਵਿਵਾਦ ਰੂਪ ਵਿਚ ਆਧੁਨਿਕ ਪੰਜਾਬੀ ਸਾਹਿਤ ਦਾ ਨਿਰਮਾਤਾ ਤੇ ਪਿਤਾਮਾ ਸਵੀਕਾਰਿਆ। ਨਿਰੰਤਰ 50 ਵਰ੍ਹੇ ਪੰਜਾਬੀ ਲਈ ਜਿਉਂਦੀ ਜਾਗਦੀ ਸੰਸਥਾ ਵਾਂਗ ਕਾਰਜਸ਼ੀਲ ਹੋ ਉਹਨਾਂ ਨੇ ਸਾਡੇ ਪਰੰਪਰਿਕ ਵਿਰਸੇ ਨੂੰ ਆਧੁਨਿਕ ਅਤੇ ਵਿਗਿਆਨਕ ਮੁਹਾਂਦਰੇ ਰਾਹੀਂ ਸਜੀਵ ਕੀਤਾ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲੀ ਆ ਰਹੀ ਦਰਸ਼ਨ, ਗਿਆਨ, ਅਨੁਭਵ ਦੀ ਪਰੰਪਰਾ ਦਾ ਅਨੁਸਾਰੀ ਹੋ ਭਾਈ ਵੀਰ ਸਿੰਘ ਨੇ ਸੁਚੇਤ ਅਤੇ ਸਹਿਜ ਰੂਪ ਵਿਚ ਸਾਹਿਤ ਦੇ ਵੱਖ ਵੱਖ ਰੂਪਾਂ (ਕਵਿਤਾ, ਗਲਪ, ਵਾਰਤਕ, ਸੰਪਾਦਨ, ਵਿਆਖਿਆ ਅਤੇ ਖੋਜ) ਦੇ ਖੇਤਰ ਵਿਚ ਸਿਰਜਨਾ ਕੀਤੀ। ਯੁਗ ਪੁਰਖ ਦੀ ਵਿਲਖਣਤਾ ਹੀ ਇਹੀ ਹੁੰਦੀ ਹੈ ਕਿ ਉਹ ਪਰੰਪਰਿਕ ਧਾਰਾ ਦੀ ਦਿਸ਼ਾ ਨੂੰ ਪਛਾਣਦਿਆਂ ਸੁਚੇਤ ਰੂਪ ਵਿਚ ਉਸ ਨੂੰ ਨਵੇਂ ਸਿਰਿਓਂ ਪਰਿਭਾਸ਼ਤ ਕਰਦਿਆਂ ਉਸ ਦੀ ਨਵੀਨ ਵਿਆਖਿਆ ਕਰ ਦਿੰਦੇ ਹਨ। ਪਰੰਪਰਾ ਨੂੰ ਵਿਰਸੇ ਵਿਚ ਗ੍ਰਹਿਣ ਕਰਨ ਅਤੇ ਨਾ ਸਿਰਫ ਉਸ ਨੂੰ ਪੁਨਰ ਪਰਿਭਾਸ਼ਤ ਕਰਨਾ ਬਲਕਿ ਇਕ ਗਤੀਸ਼ੀਲ ਵਰਤਾਰੇ ਵਿਚ ਉਸ ਨੂੰ ਨਵੀਂ ਦ੍ਰਿਸ਼ਟੀ, ਨਵੀਂ ਸੇਧ, ਨਵੀਂ ਵਿਆਖਿਆ ਅਤੇ ਨਵਾਂ ਰੂਪ ਦੇਣ ਵਿਚ ਭਾਈ ਵੀਰ ਸਿੰਘ ਦਾ ਵਿਸ਼ੇਸ਼ ਅਤੇ ਮਹੱਤਵਪੂਰਣ ਯੋਗਦਾਨ ਹੈ।
ਭਾਈ ਵੀਰ ਸਿੰਘ ਚੇਅਰ ਦੇ ਉਦੇਸ਼
- ਭਾਈ ਵੀਰ ਸਿੰਘ ਦੇ ਹਵਾਲੇ ਨਾਲ ਪੰਜਾਬੀ ਲੇਖਕ ਵਿਸ਼ੇਸ਼ ਦੇ ਸਾਹਿਤ ਦੀ ਸੰਭਾਲ, ਸੰਪਾਦਨਾ, ਪ੍ਰਕਾਸ਼ਨਾ, ਕੋਸ਼ ਤੇ ਅਧਿਐਨ ਕਰਵਾਉਣਾ।
- ਭਾਈ ਵੀਰ ਸਿੰਘ ਦੇ ਹਵਾਲੇ ਨਾਲ ਵਿਸ਼ਵ ਸਾਹਿਤ ਨਾਲ ਸੰਵਾਦ ਸਿਰਜਣਾ ਲਈ ਕਾਨਫਰੰਸ, ਸੈਮੀਨਾਰ ਤੇ ਭਾਸ਼ਣਾਂ ਦਾ ਆਯੋਜਨ ਕਰਨਾ।
- ਭਾਈ ਵੀਰ ਸਿੰਘ ਦੇ ਹਵਾਲੇ ਨਾਲ ਲੇਖਕ ਵਿਸ਼ੇਸ਼ ਦੇ ਸਾਹਿਤ ਦੀ ਵਿਭਿੰਨ ਕਲਾਵਾਂ ਅੰਦਰ ਪੇਸ਼ਕਾਰੀ (ਸੰਗੀਤ, ਨਾਚ ਕਲਾ, ਮੰਚਣ, ਪੱਤਰਕਲਾ, ਚਿੱਤਰਕਲਾ ਆਦਿ)।
- ਨੌਜਵਾਨ ਲੇਖਕਾਂ ਨੂੰ ਸਾਹਿਤ ਰਚਨਾ ਹਿੱਤ ਪ੍ਰੇਰਨ ਲਈ ਲੇਖਕ ਵਰਕਸ਼ਾਪ ਦਾ ਆਯੋਜਨ ਕਰਨਾ।
- ਭਾਈ ਵੀਰ ਸਿੰਘ ਵੈਬਸਾਈਟ ਦਾ ਨਿਰਮਾਣ ਕਰਨਾ।
- ਭਾਈ ਵੀਰ ਸਿੰਘ ਸਾਹਿਤ ਪੁਰਸਕਾਰ ਦੀ ਸਥਾਪਨਾ ਕਰਨੀ।
- ਭਾਈ ਵੀਰ ਸਿੰਘ ਯਾਦਗਾਰੀ ਭਾਸ਼ਣ ਲੜੀਵਾਰ ਦਾ ਆਯੋਜਨ ਕਰਨਾ। (ਜਨਮ ਦਿਨ 5 ਦਸੰਬਰ ਦੇ ਹਵਾਲੇ ਨਾਲ)
- ਭਾਈ ਵੀਰ ਸਿੰਘ ਰੈਫਰੈਂਸ ਲਾਇਬਰੇਰੀ ਦੀ ਸਥਾਪਨਾ ਕਰਨੀ।
- ਭਾਈ ਵੀਰ ਸਿੰਘ on line ਰੈਫਰੈਂਸ ਲਾਇਬਰੇਰੀ ਦੀ ਸਥਾਪਨਾ ਕਰਨੀ।
Courses Offered and Faculty
ਭਾਈ ਵੀਰ ਸਿੰਘ ਚੇਅਰ ਵੱਲੋਂ ਕੀਤੇ ਕਾਰਜ
- ਭਾਈ ਵੀਰ ਸਿੰਘ ਦੇ ਜਨਮ ਦਿਨ (5 ਦਸੰਬਰ 2014) ਨੂੰ ਭਾਈ ਵੀਰ ਸਿੰਘ ਯਾਦਗਾਰੀ ਲੈਕਚਰ ਲੜੀ ਆਰੰਭ ਕੀਤੀ। ਪਹਿਲਾ ਯਾਦਗਾਰੀ ਲੈਕਚਰ ਡਾ. ਸੁਤਿੰਦਰ ਸਿੰਘ, ਪ੍ਰੋ. ਵਾਈਸ-ਚਾਂਸਲਰ (ਸਾਬਕਾ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ। ਸ਼ਾਮ ਨੂੰ ਕਵੀ ਦਰਬਾਰ ਹੋਇਆ ਜਿਸ ਵਿਚ ਪੰਜਾਬੀ ਦੇ ਦੋ ਦਰਜਨ ਨੌਜਵਾਨ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।
- ਭਾਈ ਵੀਰ ਸਿੰਘ ਦੇ ਜਨਮ ਦਿਨ (5 ਦਸੰਬਰ 2015) ਨੂੰ ਵਿਸ਼ੇਸ਼ ਸਮਾਗਮ ਦੇ ਰੂਪ ਵਿਚ ਮਨਾਇਆ ਗਿਆ। ਯਾਦਗਾਰੀ ਲੈਕਚਰ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਦਿੱਤਾ। ਕਵੀ ਦਰਬਾਰ ਵਿੱਚ ਦਰਜਨ ਕਵੀਆਂ ਨੇ ਹਿੱਸਾ ਲਿਆ।
- ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ ਦਾ ਮੰਚਨ ਪਹਿਲੀ ਵਾਰ ਮਈ 05, 2015 ਨੂੰ ਕਲਾ ਭਵਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੀਤਾ ਗਿਆ ਅਤੇ ਯੂਨੀਵਰਸਿਟੀ ਤੋਂ ਬਾਹਰ ਵੀ ਸੁੰਦਰੀ ਦੀ ਮੰਚਨ ਪੇਸ਼ਕਾਰੀ ਵੱਖ ਵੱਖ ਸਥਾਨਾਂ ਤੇ ਆਯੋਜਿਤ ਕੀਤੀਆਂ ਗਈਆਂ।
- ਨਾਵਲ ਸੁੰਦਰੀ ਪ੍ਰਕਾਸ਼ਨਾ ਅਧੀਨ ਹੈ।
ਭਾਈ ਵੀਰ ਸਿੰਘ ਚੇਅਰ ਵੱਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਦਾ ਵੇਰਵਾ
ਕੋਸ਼- ਭਾਈ ਵੀਰ ਸਿੰਘ ਸੰਕਲਪ ਕੋਸ਼ ਤਿਆਰ ਕਰਨਾ
ਇਸ ਕੋਸ਼ ਅੰਦਰ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਵਿਸ਼ੇਸ਼ ਰੂਪ ਵਿਚ ਕਵਿਤਾ, ਨਾਵਲ ਤੇ ਚਮਤਕਾਰਾਂ ਵਿਚ ਲੇਖਕ ਵੱਲੋਂ ਪੇਸ਼ ਕੀਤੇ ਸੰਕਲਪਾਂ ਨੂੰ ਵਿਭਿੰਨ ਇੰਦਰਾਜਾਂ ਅਧੀਨ ਦਰਜ ਕੀਤਾ ਜਾਵੇਗਾ।
ਫਿਲਹਾਲ ਇਸ ਕੋਸ਼ ਦੇ ਤਿੰਨ ਭਾਗ ਹੋਣਗੇ:
- ਨਾਵਲ ਭਾਗ
- ਕਵਿਤਾ ਭਾਗ
- ਚਮਤਕਾਰ ਭਾਗ
ਇਸ ਉਪਰੰਤ ਇਨ੍ਹਾਂ ਨੂੰ ਇਕ ਭਾਗ ਵਿਚ ਇਕੱਤਰ ਕਰ ਦਿੱਤਾ ਜਾਵੇਗਾ।
ਪ੍ਰਕਾਸ਼ਨਾ- ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦੀ ਪ੍ਰਕਾਸ਼ਨਾ ਕਰਵਾਉਣਾ
- ਨਾਵਲ: ਸੁੰਦਰੀ
- ਕਵਿਤਾ : ਚੋਣਵੀਂ ਕਵਿਤਾ
- ਚਮਤਕਾਰ: ਗੁਰੂ ਗੋਬਿੰਦ ਸਿੰਘ ਚਮਤਕਾਰ
- ਅਨੁਵਾਦਤ ਰਚਨਾ: ਜਫ਼ਰਨਾਮਾ ਤੇ ਫਤਿਹਨਾਮਾ
- ਸੰਪਾਦਨਾ: ਪੁਰਾਤਨ ਜਨਮਸਾਖੀ
ਸੰਵਾਦ- ਅੰਤਰਾਸ਼ਟਰੀ ਸੈਮੀਨਾਰ ਦਾ ਆਯੋਜਨ
ਇਹ ਸੈਮੀਨਾਰ ਭਾਈ ਵੀਰ ਸਿੰਘ ਦੇ ਸਮਕਾਲੀ, ਭਾਰਤੀ ਭਾਸ਼ਾਵਾਂ ਦੇ ਲੇਖਕਾਂ ਦੇ ਹਵਾਲੇ ਨਾਲ ਆਯੋਜਤ ਕੀਤਾ ਜਾਵੇਗਾ। ਇਸ ਵਿਚ ਹਿੰਦੀ, ਬੰਗਾਲੀ, ਉਰਦੂ, ਤਾਮਿਲ, ਮਲਿਆਲਮ, ਮਰਾਠੀ,ਕੰਨੜ,ਰਾਜਸਥਾਨ, ਗੁਜਰਾਤੀ, ਕਸ਼ਮੀਰ ਆਦਿ ਭਾਰਤੀ ਭਾਸ਼ਾਵਾਂ ਦੇ ਲੇਖਕ ਨੂੰ ਵਿਸ਼ੇ ਵਜੋਂ ਵਿਚਾਰਿਆ ਜਾਵੇਗਾ।
ਮੰਚਣ- ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦਾ ਮੰਚਣ ਕੀਤਾ ਜਾਵੇਗਾ
- ਨਾਵਲ ਸੁੰਦਰੀ ਦਾ ਮੰਚਣ ਹੋ ਚੁੱਕਾ ਹੈ।
- ਨਾਵਲ ਸਤਵੰਤ ਕੌਰ ਤੇ ਬਿਜੈ ਸਿੰਘ ਤਿਆਰੀ ਅਧੀਨ ਹਨ।
- ਭਾਈ ਵੀਰ ਸਿੰਘ ਦੇ ਸਾਹਿਤਕ ਬਿੰਬ ਨੂੰ ਮੰਚਣ ਰੂਪ ਵਿਚ ਪੇਸ਼ ਕੀਤਾ ਜਾਵੇਗਾ।
ਨੌਜਵਾਨ ਲੇਖਕ ਵਰਕਸ਼ਾਪ
ਪੰਜਾਬੀ ਦੇ ਨੌਜਵਾਨ ਲੇਖਕਾਂ ਨੂੰ ਆਪਣੇ ਪੁਰਖਿਆਂ/ਵਿਰਾਸਤ ਬਾਰੇ ਸਾਹਿਤ ਰਚਨਾ ਕਰਨ ਹਿੱਤ ਪ੍ਰੇਰਨ ਲਈ ਨੌਜਵਾਨ ਲੇਖਕ ਵਰਕਸ਼ਾਪ ਦਾ ਆਯੋਜਨ ਕੀਤਾ ਜਾਇਆ ਕਰੇਗਾ।
ਸਰਬ ਭਾਰਤੀ ਭਾਸ਼ਾਈ ਕਵੀ ਦਰਬਾਰ
ਭਾਰਤ ਦੀਆਂ ਕੁਲ ਭਾਸ਼ਾਵਾਂ ਉਤੇ ਆਧਾਰਤ ਕਵੀ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ।
Information authenticated by
Dr. Jaswinder Singh, Assistant Professor, Incharge
Webpage managed by
University Computer Centre
Departmental website liaison officer
--
Last Updated on:
04-09-2023